ਸਿੱਖਿਆ ਮੰਤਰੀ ਦੀ ਰਿਹਾਇਸ਼ ਅੱਗੇ ਸਾਂਝੇ ਅਧਿਆਪਕ ਮੋਰਚਾ ਵੱਲੋਂ ਸੂਬਾਈ ਰੈਲੀ ਕਰਨ ਦਾ ਐਲਾਨ, ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਵੀ ਰੈਲੀ ‘ਚ ਲਵੇਗੀ ਵੱਡੀ ਗਿਣਤੀ ‘ਚ ਹਿੱਸਾ
ਸਾਂਝਾ ਅਧਿਆਪਕ ਮੋਰਚਾ ਪੰਜਾਬ ਵੱਲੋਂ ਸਿੱਖਿਆ ਮੰਤਰੀ ਦੀ ਰਿਹਾਇਸ਼ ਸਾਹਮਣੇ 1 ਦਸੰਬਰ ਨੂੰ ਸੂਬਾਈ ਰੈਲੀ ਵਿੱਚ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਦਾ ਫੈਸਲਾ
ਪੰਜਾਬ ਨੈੱਟਵਰਕ, ਫਰੀਦਕੋਟ
ਸਾਂਝਾ ਅਧਿਆਪਕ ਮੋਰਚਾ ਪੰਜਾਬ ਵੱਲੋਂ ਪੰਜਾਬ ਸਰਕਾਰ ਦੀਆਂ ਸਿੱਖਿਆ ਵਿਰੋਧੀ ਨੀਤੀਆਂ ਦੇ ਖਿਲਾਫ 1 ਦਸੰਬਰ ਨੂੰ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੇ ਪਿੰਡ ਗੰਭੀਰਪੁਰ ਵਿਖੇ ਕੀਤੀ ਜਾ ਰਹੀ ਰੈਲੀ ਵਿੱਚ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਵੱਲੋਂ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨ ਦਾ ਐਲਾਨ ਕੀਤਾ ਗਿਆ ਹੈ। ਇਹ ਫੈਸਲਾ ਜਥੇਬੰਦੀ ਦੇ ਸੂਬਾ ਪ੍ਰਧਾਨ ਸੁਰਿੰਦਰ ਕੁਮਾਰ ਪੁਆਰੀ ਦੀ ਪ੍ਰਧਾਨਗੀ ਹੇਠ ਹੋਈ ਵਰਚੁਅਲ ਮੀਟਿੰਗ ਦੌਰਾਨ ਲਿਆ ਗਿਆ।
ਮੀਟਿੰਗ ਵਿੱਚ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਸੁਖਜਿੰਦਰ ਸਿੰਘ ਖਾਨਪੁਰ, ਪਰਵੀਨ ਕੁਮਾਰ ਲੁਧਿਆਣਾ, ਜਨਰਲ ਸਕੱਤਰ ਗੁਰਪ੍ਰੀਤ ਸਿੰਘ ਮਾੜੀ ਮੇਘਾ, ਵਿੱਤ ਸਕੱਤਰ ਨਵੀਨ ਕੁਮਾਰ ਸਚਦੇਵਾ, ਸਲਾਹਕਾਰ ਪ੍ਰੇਮ ਚਾਵਲਾ,ਕਾਰਜ ਸਿੰਘ ਕੈਰੋ, ਸੀਨੀਅਰ ਮੀਤ ਪ੍ਰਧਾਨ, ਬਲਜਿੰਦਰ ਸਿੰਘ ਵਡਾਲੀ, ਜਿੰਦਰ ਪਾਇਲਟ, ਬਲਜੀਤ ਟੋਮ, ਪਰਮਿੰਦਰ ਪਾਲ ਸਿੰਘ ਕਾਲੀਆ, ਬਾਜ਼ ਸਿੰਘ ਭੁੱਲਰ, ਹਰੀਦੇਵ ਲੁਧਿਆਣਾ, ਮੇਘ ਇੰਦਰ ਸਿੰਘ ਬਰਾੜ, ਮਨਦੀਪ ਸਰਥਲੀ, ਜਗਦੀਸ਼ ਰਾਏ ਰਾਹੋਂ, ਜਗਮੋਹਣ ਸਿੰਘ ਚੌਂਤਾ ਅਤੇ ਪ੍ਰੈਸ ਸਕੱਤਰ ਟਹਿਲ ਸਿੰਘ ਸਰਾਭਾ ਨੇ ਦੱਸਿਆ ਹੈ ਕਿ ਸਿੱਖਿਆ ਮੰਤਰੀ ਪੰਜਾਬ ਦੇ ਨਾਂ ਵਾਰ ਵਾਰ ਅਧਿਆਪਕਾਂ ਦੀਆਂ ਮੰਗਾਂ ਸਬੰਧੀ ਮੰਗ ਪੱਤਰ ਦਿੱਤੇ ਗਏ ਹਨ, ਪਰ ਉਨ੍ਹਾਂ ਵੱਲੋਂ ਅਧਿਆਪਕਾਂ ਦੇ ਮਸਲੇ ਹੱਲ ਕਰਨ ਲਈ ਗੰਭੀਰਤਾ ਨਹੀਂ ਦਿਖਾਈ ਜਾ ਰਹੀ। ਇਸ ਕਰਕੇ ਅਧਿਆਪਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਅਧਿਆਪਕਾਂ ਦੀਆਂ ਮੁੱਖ ਮੰਗਾਂ ਵਿੱਚ ਨਵੀਂ ਕੌਮੀ ਸਿੱਖਿਆ ਨੀਤੀ 2020 ਸਿੱਖਿਆ ਤੇ ਅਧਿਆਪਕ ਵਿਰੋਧੀ ਨੀਤੀ ਰੱਦ ਕਰਵਾਉਣਾ, ਸੀ ਈ ਪੀ ਟੈਸਟਾਂ ਦੇ ਨਾਮ ‘ਤੇ ਖੱਜਲ-ਖੁਆਰੀ ਬੰਦ ਕਰਨਾ, ਅਧਿਆਪਕਾਂ ਦੇ ਵੱਖ-ਵੱਖ ਵਰਗਾਂ ਦੀਆਂ ਤਰੱਕੀਆਂ ਸਮੇਂ ਸਿਰ ਕਰਵਾਉਣਾ ਅਤੇ, ਸਟੇਸ਼ਨ ਚੋਣ ਕਰਵਾਉਣ ਸਮੇਂ ਸਾਰੀਆਂ ਖਾਲੀ ਪਈਆਂ ਪੋਸਟਾਂ ਸ਼ੋ ਨਾ ਕਰਨ ਦੇ ਅਧਿਆਪਕ ਅਤੇ ਵਿਦਿਆਰਥੀ ਕਾਰਵਾਈਆਂ ਦਾ ਸਖਤ ਵਿਰੋਧ ਕਰਨਾ, ਪੁਰਾਣੀ ਪੈਨਸ਼ਨ ਸਕੀਮ ਲਾਗੂ ਤੇ ਡੀਏ ਦੀਆਂ ਕਿਸ਼ਤਾਂ ਜਾਰੀ ਕਰਨ, ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਮਰਜ ਕਰਨ, ਗੈਰ-ਵਿਦਿਅਕ ਕੰਮਾਂ ਤੋਂ ਛੁਟਕਾਰਾ ਆਦਿ ਹੋਰ ਜਰੂਰੀ ਮੰਗਾਂ ਤੇ ਮਸਲੇ ਸ਼ਾਮਲ ਹਨ।
ਮੀਟਿੰਗ ਵਿੱਚ ਇਹ ਵੀ ਵਿਚਾਰ ਵਟਾਂਦਰਾ ਕੀਤਾ ਗਿਆ ਕਿ ਸਿੱਖਿਆ ਪ੍ਰਣਾਲੀ ਵਿੱਚ ਸੁਧਾਰ ਲਿਆਉਣ ਲਈ ਅਧਿਆਪਕਾਂ ਨੂੰ ਸਿਰਫ ਸਿਲੇਬਸ ਅਨੁਸਾਰ ਪੜਾਉਣ ਦੀ ਜਿੰਮੇਵਾਰੀ ਦੇਣੀ ਚਾਹੀਦੀ ਹੈ ਅਤੇ ਅਧਿਆਪਕਾਂ ਤੇ ਪਾਏ ਜਾ ਰਹੇ ਬੇਲੋੜੇ ਕੰਮ ਰੋਕਣੇ ਚਾਹੀਦੇ ਹਨ। ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਨੇ ਸਾਰੇ ਅਧਿਆਪਕਾਂ ਨੂੰ 1 ਦਸੰਬਰ ਨੂੰ ਇਸ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਹੈ ਤਾਂ ਜੋ ਪੰਜਾਬ ਸਰਕਾਰ ਦੀ ਅਧਿਆਪਕ ਅਤੇ ਸਿੱਖਿਆ ਵਿਰੋਧੀ ਨੀਤੀ ਨੂੰ ਠੱਲ ਪਾਈ ਜਾ ਸਕੇ।