ਸਰਕਾਰੀ ਸਕੂਲ ‘ਚ ਬੱਚਿਆਂ ਦੇ ਜਾਅਲੀ ਦਾਖਲੇ ਦਾ ਮਾਮਲਾ ਕੈਬਨਿਟ ਮੰਤਰੀ ਅਮਨ ਅਰੋੜਾ ਕੋਲ ਪੁੱਜਿਆ! DTF ਦੇ ਵਫ਼ਦ ਨੇ ਕੀਤੀ ਕਾਰਵਾਈ ਦੀ ਮੰਗ
ਮਾਮਲੇ ਦੀ ਜਾਂਚ ਡੀ.ਈ.ਓ. ਸੈਕੰਡਰੀ ਕੋਲ ਤਬਦੀਲ ਕਰਨ ਦੀ ਮੰਗ
Punjab News-
ਸੰਗਰੂਰ ਦੇ ਇੱਕ ਬੀਪੀਈਓ ਵਲੋਂ ਕਥਿਤ ਤੌਰ ਤੇ ਆਪਣੇ ਅਹੁਦੇ ਦਾ ਦੁਰਉਪਯੋਗ ਕਰਕੇ ਸਕੂਲ ਦੀ ਇੰਚਾਰਜ ਅਧਿਆਪਕਾ ਤੋਂ ਸਕੂਲ ਦਾ ਪਾਸਵਰਡ ਲੈਣ ਅਤੇ ਉਸਦਾ ਗ਼ਲਤ ਇਸਤੇਮਾਲ ਕਰਕੇ 33 ਬੱਚਿਆਂ ਦਾ ਜਾਅਲੀ ਦਾਖਲਾ ਕਰਕੇ ਹੈੱਡ ਟੀਚਰ ਦੀ ਪੋਸਟ ਕ੍ਰੀਏਟ ਕਰਨ ਦੀ ਸ਼ਿਕਾਇਤ ਦੇ ਮਾਮਲੇ ਵਿੱਚ ਅੱਜ ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੀ ਜ਼ਿਲ੍ਹਾ ਸੰਗਰੂਰ ਇਕਾਈ ਦਾ ਵਫ਼ਦ ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੂੰ ਮਿਲਿਆ।
ਵਫ਼ਦ ਨੇ ਇਸ ਮਾਮਲੇ ਦੀ ਲਿਖਤੀ ਸ਼ਿਕਾਇਤ ਉਹਨਾਂ ਨੂੰ ਦਿੰਦੇ ਹੋਏ ਮੰਗ ਕੀਤੀ ਕਿ ਉਕਤ ਅਧਿਕਾਰੀ ਦੀ ਤੁਰੰਤ ਉਸਦੇ ਮੌਜੂਦਾ ਸਟੇਸ਼ਨ ਤੋਂ ਬਦਲੀ ਕੀਤੀ ਜਾਵੇ ਕਿਉਂਕਿ ਉਹ ਸ਼ਿਕਾਇਤ ਕਰਨ ਦੇ ਦਿਨ ਤੋਂ ਹੀ ਸਕੂਲ ਦੀ ਇੰਚਾਰਜ ਅਧਿਆਪਕਾ ਨੂੰ ਸ਼ਿਕਾਇਤ ਵਾਪਿਸ ਲੈਣ ਲਈ ਉਸ ‘ਤੇ ਦਬਾਅ ਬਣਾ ਰਿਹਾ ਹੈ ਅਤੇ ਆਪਣੇ ਅਹੁਦੇ ਦਾ ਦੁਰਉਪਯੋਗ ਕਰਕੇ ਉਹ ਇਸ ਮਾਮਲੇ ਦੀ ਜਾਂਚ ਨੂੰ ਹੋਰ ਤਰੀਕਿਆਂ ਨਾਲ ਪ੍ਰਭਾਵਿਤ ਕਰਨ ਦਾ ਯਤਨ ਕਰ ਸਕਦਾ ਹੈ।
ਇਸ ਤੋਂ ਇਲਾਵਾ ਇਹ ਵੀ ਮੰਗ ਕੀਤੀ ਗਈ ਕਿ ਡੀ.ਈ.ਓ (ਐ.ਸਿੱ.) ਦੇ ਦਫ਼ਤਰ ਵੱਲੋਂ ਅਧਿਕਾਰੀ ਦਾ ਪੱਖ ਪੂਰਿਆ ਜਾ ਰਿਹਾ ਹੈ ਅਤੇ ਉਸ ਦਾ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਕਾਰਨ ਸਕੂਲ ਇੰਚਾਰਜ ਦੁਆਰਾ ਸ਼ਿਕਾਇਤ ਕਰਨ ਦੇ ਇੱਕ ਮਹੀਨੇ ਤੋਂ ਵੱਧ ਦੇ ਸਮੇਂ ਦੌਰਾਨ ਉਕਤ ਅਧਿਕਾਰੀ ਵਿਰੁੱਧ ਦੋਸ਼ ਵੀ ਤੈਅ ਨਹੀਂ ਕੀਤੇ ਗਏ ਹਨ।
ਇਸ ਲਈ ਇਹ ਜਾਂਚ ਕਰਵਾਉਣ ਦੀ ਜ਼ਿੰਮੇਵਾਰੀ ਡੀ.ਈ.ਓ.(ਸੈ.ਸਿੱ.) ਸੰਗਰੂਰ ਨੂੰ ਦਿੱਤੀ ਜਾਵੇ। ਇਹ ਵੀ ਮੰਗ ਕੀਤੀ ਗਈ ਕਿ ਸ਼ਿਕਾਇਤ ਕਰਤਾ ਜਥੇਬੰਦੀ ਨੂੰ ਜਾਂਚ ਵਿੱਚ ਸ਼ਾਮਿਲ ਕਰਦੇ ਹੋਏ ਇਸ ਅਧਿਕਾਰੀ ਵਿਰੁੱਧ ਦੋਸ਼ ਤੈਅ ਕਰਕੇ ਦੋਸ਼ ਸੂਚੀ ਜਾਰੀ ਕੀਤੀ ਜਾਵੇ ਅਤੇ ਘੱਟੋ-ਘੱਟ ਦੋ ਪੀ.ਈ.ਐੱਸ. ਕਾਡਰ ਦੇ ਅਧਿਕਾਰੀਆਂ ਤੋਂ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਵਾ ਕੇ ਇਸ ਮਾਮਲੇ ਵਿੱਚ ਇਨਸਾਫ ਦਿੱਤਾ ਜਾਵੇ।
ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਜਥੇਬੰਦੀ ਦੀਆਂ ਮੰਗਾਂ ਉੱਤੇ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ। ਵਫ਼ਦ ਵਿੱਚ ਜ਼ਿਲ੍ਹਾ ਪ੍ਰਧਾਨ ਦਾਤਾ ਸਿੰਘ ਨਮੋਲ,ਸੀਨੀਅਰ ਮੀਤ ਪ੍ਰਧਾਨ ਸੁਖਜਿੰਦਰ ਸੰਗਰੂਰ, ਪ੍ਰੈਸ ਸਕੱਤਰ ਜਸਬੀਰ ਨਮੋਲ ਅਤੇ ਬਲਾਕਾਂ ਦੇ ਆਗੂ ਰਵਿੰਦਰ ਸੁਨਾਮ,ਸੁਖਜਿੰਦਰ ਖੋਖਰ,ਜਗਤਾਰ ਲੌਂਗੋਵਾਲ,ਪਵਿੱਤਰ ਸਿੰਘ,ਅਨਿਲ ਕੁਮਾਰ,ਪਦਮ ਕੁਮਾਰ,ਪਵਨ ਕੁਮਾਰ ਅਤੇ ਰਿਟਾਇਰਡ ਪ੍ਰਿੰਸੀਪਲ ਅਨਿਲ ਕੁਮਾਰ ਸ਼ਾਮਿਲ ਸਨ।